gursikhਸ਼੍ਰੀ ਮੁਕਤਸਰ ਸਾਹਿਬ (27 ਜੁਲਾਈ, ਕੁਲਦੀਪ ਸਿੰਘ ਘੁਮਾਣ) : ਸਥਾਨਕ ਕੋਟਕਪੂਰਾ ਚੌਕ ਵਿਚ ਉਸ ਸਮੇ ਮਾਹੌਲ ਬੜਾ ਕਰੁਣਾਮਈ ਹੋ ਗਿਆ ਜਦੋ ਅਣਖਾਂ ਨਾਲ ਪ੍ਰਣਾਏ ਹੋਏ ਇੱਕ ਅੰਮ੍ਰਿਤਧਾਰੀ ਗੁਰਸਿੱਖ ਰਿਕਸ਼ਾ ਚਾਲਕ ਨੇ ਇੱਕ ਸਿਗਰਟ ਪੀਣ ਲੱਗੀ ਸਵਾਰੀ ਨੂੰ ਨਾਂਹ ਕਰਦਿਆਂ ਹੋਇਆ ਗੁਰੂ ਦੇ ਬਚਨਾਂ ‘ਤੇ ਫੁੱਲ ਚੜ੍ਹਾਉਦਿਆਂ, ਆਪਣੇ ਰਿਕਸ਼ੇ ਵਿਚੋ ਉਤਾਰ ਦਿੱਤਾ।ਹੋਇਆ ਇੰਜ ਕਿ ਸ.ਮਹਿੰਦਰ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਗੋਬਿੰਦ ਨਗਰੀ ਉਮਰ ਕਰੀਬ 70 ਸਾਲ, ਜੋ ਰਿਕਸ਼ਾ ਚਲਾ ਕੇ ਆਪਣੇ ਟੱਬਰ ਦਾ ਪੇਟ ਪਾਲ ਰਿਹਾ ਹੈ, ਚੌਂਕ ਵਿਚ ਖੜਾ ਸਵਾਰੀ ਦੀ ਉਡੀਕ ਕਰ ਰਿਹਾ ਸੀ ਕਿ ਰੀਜ਼ਨਲ ਸੈਂਟਰ ਦਾ ਇੱਕ ਪ੍ਰੋਫੈਸਰ ਬਾਬੇ ਕੋਲ ਆਇਆ ਤੇ ਆਪਣੀ ਮੰਜ਼ਿਲ ਤੇ ਜਾਣ ਲਈ ਭਾੜਾ ਤੈਅ ਕੀਤਾ। ਆਪਣਾ ਬੈਗ ਰਿਕਸ਼ੇ ਵਿਚ ਰੱਖ ਕੇ ਬੈਠਣ ਲੱਗਾ ਤਾਂ ਪ੍ਰਸ਼ਾਸ਼ਨ ਵਲੋ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਨਾਂ ਕਰਨ ਦੀ ਸਪੀਕਰ ਰਾਹੀ ਸੂਚਨਾ ਵਾਲਾ ਇਕ ਰਿਕਸ਼ਾ ਥੋੜ੍ਹੀ ਦੂਰੀ ‘ਤੇ ਆ ਕੇ ਰੁਕਿਆ ਤੇ ਤੰਬਾਕੂਨੋਸ਼ੀ ਨਾ ਕਰਨ ਦਾ ਸਪੀਕਰ ਰਾਹੀ ਪ੍ਰਚਾਰ ਸ਼ੁਰੂ ਹੋ ਗਿਆ।
ਬਾਬੇ ਦੇ ਰਿਕਸ਼ੇ ਵਿਚ ਬੈਠਦਿਆਂ ਹੀ ‘ਪੜ੍ਹੇ ਲਿਖੇ ਪ੍ਰੋਫੈਸਰ’ ਨੇ ਸਿਗਰਟ ਸੁਲਗਾ ਲਈ ਤੇ ਕਸ਼ ਲਾਉਣ ਹੀ ਲੱਗਾ ਸੀ ਕਿ ਬਾਬੇ ਮਹਿੰਦਰ ਸਿੰਘ ਨੇ ਗਰਜਵੀਂ ਆਵਾਜ਼ ‘ਚ ਕਿਹਾ, ‘ ਚੱਲ ਬੀ ਭਾਈ ਰਿਕਸ਼ੇ ‘ਚੋ ਉਤਰ ਜਾ’। ਕਿਉ? ਪ੍ਰੋਫੈਸਰ ਚੀਕਿਆ। ‘ ਮੇਰੇ ਗੁਰੂ ਸਾਹਿਬ ਦਾ ਘੋੜਾ ਤੰਬਾਕੂ ਦੇ ਖੇਤ ਵਿਚੋ ਨਹੀ ਸੀ ਲੰਘਿਆ, ਤੂੰ ਰਿਕਸ਼ੇ ‘ਚ ਬੈਠ ਕੇ ਤੰਬਾਕੂ ਪੀਨੈ।’ ਕੱਚਾ ਜਿਹਾ ਹੋ ਕੇ ਪ੍ਰੋਫੈਸਰ ਰਿਕਸ਼ੇ ਵਿਚੋ ਉਤਰ ਗਿਆ। ਕੋਲੋ ਲੰਘਦੇ ਪ੍ਰੋਫੈਸਰ ਦੇ ਕਿਸੇ ਜਾਣਕਾਰ ਨੇ ਟੋਟਕਾ ਕੱਸਿਆ ਪ੍ਰੋ.ਸਾਹਿਬ ਜਿੱਧਰ ਚੱਲੇ ਉ, ਉਧਰ ਖੜੇ ਰਿਕਸ਼ੇ ਤੇ ਵੀ ਤੰਬਾਕੂਨੋਸ਼ੀ ਨਾ ਕਰਨ ਦਾ ਹੀ ਪ੍ਰਚਾਰ ਹੋ ਰਿਹੈ। ਇਸ ਸਾਰੇ ਘਟਨਾਕ੍ਰਮ ਨੂੰ ਵੇਖ ਰਹੇ ਇੱਕ  ਅੰਮ੍ਰਿਤਧਾਰੀ ਗੁਰਸਿੱਖ ਵਰਿੰਦਰਪਾਲ ਸਿੰਘ ਨੇ ਸ.ਮਹਿੰਦਰ ਸਿੰਘ ਰਿਕਸ਼ਾ ਚਾਲਕ ਨੂੰ ਪੁੱਛਿਆ ‘ ਬਾਬਾ ਜੀ ਕਿੰਨੇ ਪੈਸੇ ਮੁਕਾਏ ਸੀ ਪ੍ਰੋ. ਨਾਲ ? ਦਸ ਰੁਪਏ ਗੁਰਮੁਖਾ। ਬਾਬੇ ਨੇ ਜਵਾਬ ਦਿੱਤਾ। ਇਨ੍ਹਾਂ ਸੁਣਦਿਆਂ ਹੀ ਉਨ੍ਹਾਂ ਕੁਝ ਰੁਪਏ ਬਾਬਾ ਮਹਿੰਦਰ ਸਿੰਘ ਨੂੰ ਸ਼ਰਧਾ ਤੇ ਹੌਸਲਾ ਅਫਜਾਈ ਵਜੋ ਫੜਾਏ ਅਤੇ ਬਾਬੇ ਦੇ ਲੱਖ ਵਾਰ ਨਾਂਹ ਨਾਂਹ ਕਰਦਿਆਂ ਉਨ੍ਹਾਂ ਦੀ ਜੇਬ ਵਿਚ ਪਾ ਦਿੱਤੇ। ਮੋੜ ਤੇ ਖੜੀ ਭੀੜ ਵਿਚੋ ਇਕ ਖਣਕਦੀ ਜਿਹੀ ਆਵਾਜ਼ ਆਈ ‘ ਉ ਯਾਰ ਬਾਬੇ ਦੀ ਇਹ ਖਬਰ ਜ਼ਰੂਰ ਆਉਣੀ ਚਾਹੀਦੀ ਹੈ ਤਾਂ ਕਿ ਸਾਡੇ ਕੁਝ ਵਾਰ ਵਾਰ ਤਲਬ ਹੁੰਦੇ ਸ਼੍ਰੋਮਣੀ ਕਮੇਟੀ ਮੈਬਰ ਵੀ ਸਿੱਖ ਸਕਣ।

- See more at: http://www.punjabspectrum.com/2013/07/16433#sthash.uSTCGUyq.dpuf