ਚਮਕੌਰ ਸਾਹਿਬ ਦੀ ਅਦੁੱਤੀ ਦਾਸਤਾਨ  (THIS ARTICLE IN ENGLISH)

ਚਮਕੌਰ ਦੀ ਗੜ੍ਹੀ ਦੇ ਉਪਰੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੰਗ ਦਾ ਜਾਇਜ਼ਾ ਲੈਂਦੇ ਹੋਏ। (ਸੱਜੇ) ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਮੁਗ਼ਲਾਂ ਨਾਲ ਜੰਗ ਦੇ ਮੈਦਾਨ ਵਿਚ ਲੋਹਾ ਲੈਂਦੇ ਹੋਏ।
ਸਿੱਖਾਂ ਨੂੰ ਹੱਕ-ਸੱਚ 'ਤੇ ਕਾਇਮ ਰਹਿਣ ਲਈ ਅਕਹਿ ਤੇ ਅਸਹਿ ਤਸੀਹੇ ਝੱਲਣੇ ਪਏ। ਇਸ ਲੜੀ ਅਧੀਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ 'ਤੇ ਬੈਠ ਕੇ ਸ਼ਹਾਦਤ ਪ੍ਰਾਪਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਦਿੱਲੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ। ਜਿਵੇਂ-ਜਿਵੇਂ ਸਿੱਖ ਸੱਚ 'ਤੇ ਪਹਿਰਾ ਦਿੰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ, ਤਿਵੇਂ-ਤਿਵੇਂ ਜ਼ੁਲਮ ਦੀਆਂ ਹੱਦਾਂ ਪਾਰ ਕਰਕੇ ਮੁਗਲ ਹਾਕਮ ਤਸੀਹੇ ਦਿੰਦੇ ਰਹੇ। ਇਸੇ ਲੜੀ ਅਧੀਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਹੀ ਵਾਰ ਦਿੱਤਾ ਤੇ ਇਕ ਅਨੋਖਾ ਇਤਿਹਾਸ ਸਿਰਜਿਆ ਹੈ, ਜਿਸ ਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਸਰਹਿੰਦ ਦੀ ਖ਼ੂਨੀ ਦੀਵਾਰ 'ਚ ਜ਼ਿੰਦਾ ਚਿਣ ਕੇ ਸ਼ਹੀਦ ਕੀਤੇ ਗਏ, ਜਦ ਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਵਿਖੇ ਵੈਰੀ ਦਲਾਂ ਨਾਲ ਜੰਗ 'ਚ ਜੂਝਦਿਆਂ ਸ਼ਹਾਦਤ ਦਾ ਜਾਮ ਪੀਤਾ।
ਇਸ ਜੰਗ ਦੀ ਪਿੱਠ-ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਅਰੰਭ ਹੁੰਦੀ ਹੈ। ਮੁਗਲ ਹਕੂਮਤ ਦੀਆਂ ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਦੇ ਮੁਲਖੱਈਏ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਦਲਾਂ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਸੀ, ਰਸਦ-ਪਾਣੀ ਪੁੱਜਣ ਦੇ ਸਮੂਹ ਰਸਤੇ ਬੰਦ ਕਰ ਦਿੱਤੇ ਗਏ ਸਨ ਪਰ ਕਲਗੀਧਰ ਪਿਤਾ ਦੇ ਜੁਝਾਰੂ ਸਿੰਘ ਦਰੱਖ਼ਤਾਂ ਦੇ ਪੱਤੇ ਖਾ ਕੇ ਵੀ ਦੁਸ਼ਮਣ ਨੂੰ ਪੂਰੀ ਟੱਕਰ ਦਿੰਦੇ ਰਹੇ। ਅਖੀਰ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਵੱਲੋਂ ਇਹ ਵਿਸ਼ਵਾਸ ਦਿਵਾਏ ਜਾਣ 'ਤੇ ਕਿ ਗੁਰੂ ਸਾਹਿਬ ਕਿਲ੍ਹਾ ਛੱਡ ਦੇਣ ਤਾਂ ਉਨ੍ਹਾਂ 'ਤੇ ਹਮਲਾ ਨਹੀਂ ਕੀਤਾ ਜਾਵੇਗਾ, ਗੁਰੂ ਸਾਹਿਬ ਨੇ ਸਿੰਘਾਂ ਦੇ ਸਲਾਹ-ਮਸ਼ਵਰੇ ਨਾਲ ਪਹਾੜੀ ਰਾਜਿਆਂ ਦੇ ਕੌਲ-ਇਕਰਾਰ 'ਤੇ ਯਕੀਨ ਕਰਕੇ ਕਿਲ੍ਹਾ ਅਨੰਦਪੁਰ ਛੱਡਣ ਦਾ ਫੈਸਲਾ ਲਿਆ ਪਰ ਕਿਲ੍ਹਾ ਛੱਡਣ ਉਪਰੰਤ ਗੁਰੂ ਸਾਹਿਬ ਦਾ ਕਾਫਲਾ ਅਜੇ ਕੀਰਤਪੁਰ ਵੀ ਨਹੀਂ ਸੀ ਪੁੱਜਾ ਕਿ ਦੁਸ਼ਮਣ ਫੌਜਾਂ ਤਮਾਮ ਸਹੁੰਆਂ ਨੂੰ ਤੋੜ ਕੇ ਲੜਾਈ ਲਈ ਆ ਗਈਆਂ। ਸਰਸਾ ਨਦੀ ਨੂੰ ਪਾਰ ਕਰਨ ਲੱਗਿਆਂ ਵਡਮੁੱਲਾ ਸਾਹਿਤ, ਕੀਮਤੀ ਸਾਜ਼ੋ-ਸਾਮਾਨ ਅਤੇ ਜਾਨ ਤੋਂ ਪਿਆਰੇ ਸਿੰਘ ਸੂਰਮੇ ਸਿਰਸਾ ਦੀ ਭੇਟ ਹੋ ਗਏ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵੀ ਗੁਰੂ ਜੀ ਤੋਂ ਵਿਛੜ ਗਏ।
ਦਸਮੇਸ਼ ਪਿਤਾ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਵਿਖੇ ਪੁੱਜੇ। ਸ਼ਾਹੀ ਫੌਜਾਂ ਵੀ ਮਗਰ-ਮਗਰ ਚਮਕੌਰ ਪੁੱਜ ਗਈਆਂ ਤੇ ਗੜ੍ਹੀ ਨੂੰ ਘੇਰ ਲਿਆ। ਚਮਕੌਰ ਦੀ ਕੱਚੀ ਗੜ੍ਹੀ ਵਿਚ ਜਿਸ ਸੂਰਮਤਾਈ ਨਾਲ 40 ਭੁੱਖਣ-ਭਾਣੇ ਸਿੰਘਾਂ ਨੇ 10 ਲੱਖ ਦੀ ਸੈਨਾ ਦਾ ਟਾਕਰਾ ਕੀਤਾ, ਸਿੰਘਾਂ ਨੂੰ ਜੂਝਦੇ ਵੇਖ ਕੇ ਜਿਵੇਂ ਸਾਹਿਬਜ਼ਾਦਿਆਂ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ, ਜਿਸ ਕਦਰ ਸਤਿਗੁਰੂ ਜੀ ਨੇ ਆਪਣੇ ਹੱਥੀਂ ਸ਼ਸਤਰ ਸਜਾ ਕੇ ਦੁਲਾਰਿਆਂ ਨੂੰ ਜੰਗ ਵਿਚ ਲੜਨ ਲਈ ਤੋਰਿਆ, ਸਰੀਰ ਛਲਣੀ-ਛਲਣੀ ਹੁੰਦੇ ਤੱਕੇ ਅਤੇ ਸ਼ਹੀਦੀ ਉਪਰੰਤ ਫ਼ਤਹਿ ਦੇ ਜੈਕਾਰੇ ਗਜਾਏ ਤੇ ਅਕਾਲ ਪੁਰਖ ਦਾ ਕੋਟਾਨ-ਕੋਟ ਸ਼ੁਕਰਾਨਾ ਕੀਤਾ, ਅਜਿਹਾ ਅਲੋਕਾਰ ਕਾਰਨਾਮਾ ਨਾ ਤਾਂ ਦੁਨੀਆ ਨੇ ਅੱਜ ਤੱਕ ਵੇਖਿਆ ਹੈ ਅਤੇ ਨਾ ਹੀ ਵੇਖੇਗੀ। ਸੂਫ਼ੀ ਸ਼ਾਇਰ ਜੋਗੀ ਅੱਲ੍ਹਾ ਯਾਰ ਖਾਂ ਸਾਹਿਬਜ਼ਾਦਿਆਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਟਾ ਕਰਦੇ ਹੋਏ ਆਪਣੀ ਲੰਬੀ ਨਜ਼ਮ 'ਗੰਜਿ ਸ਼ਹੀਦਾਂ' ਵਿਚ ਲਿਖਦੇ ਹਨ ਕਿ ਜੰਗ ਤੋਂ ਪਹਿਲੀ ਰਾਤ ਕਲਗੀਧਰ ਦਸਮੇਸ਼ ਪਿਤਾ ਜੀ ਕੱਚੀ ਗੜ੍ਹੀ ਵਿਚ ਪਰਮੇਸ਼ਰ ਨੂੰ ਕੁਝ ਇਸ ਤਰ੍ਹਾਂ ਮੁਖਾਤਿਬ ਹੋ ਰਹੇ ਹਨ :
ਜਬ ਡੇਢ ਘੜੀ ਰਾਤ ਗਈ ਜ਼ਿਕਰਿ-ਖ਼ੁਦਾ ਮੇਂ।
ਖ਼ੈਮੇ ਸੇ ਨਿਕਲ ਆਏ ਸ੍ਰਕਾਰ ਹਵਾ ਮੇਂ।
ਕਦਮੋਂ ਸੇ ਟਹਲਤੇ ਥੇ, ਮਗਰ ਦਿਲ ਥਾ ਦੁਆ ਮੇਂ।
ਬੋਲੇ, 'ਐ ਖ਼ੁਦਾਵੰਦ! ਹੂੰ ਖੁਸ਼ ਤੇਰੀ ਰਜ਼ਾ ਮੇਂ'।
ਕਰਤਾਰ ਸੇ ਕਹਿਤੇ ਥੇ ਗੋਯਾ ਰੂ-ਬ-ਰੂ ਹੋ ਕਰ।
ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖ਼ਰੂ ਹੋ ਕਰ। 10।
(ਗੰਜਿ ਸ਼ਹੀਦਾਂ)
ਅਗਲੇ ਦਿਨ ਜੰਗ ਅਰੰਭ ਹੋਈ, ਪੰਜ-ਪੰਜ ਸਿੰਘ ਜਥੇ ਦੇ ਰੂਪ ਵਿਚ ਗੜ੍ਹੀ ਤੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ। ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਥਾਪੜਾ ਦੇ ਕੇ ਗੜ੍ਹੀ ਤੋਂ ਰਵਾਨਾ ਕੀਤਾ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਮੈਦਾਨੇ-ਜੰਗ ਵਿਚ ਜਾਂਦੇ ਹੀ ਮੁਗ਼ਲ ਫੌਜ ਨੂੰ ਭਾਜੜ ਪਾ ਦਿੱਤੀ ਅਤੇ ਸ਼ਸਤਰਬਾਜ਼ੀ ਦੇ ਉਹ ਜੌਹਰ ਵਿਖਾਏ ਕਿ ਕਹਿੰਦੇ-ਕਹਾਉਂਦੇ ਤਲਵਾਰ ਦੇ ਧਨੀ ਤੇ ਤੀਰਅੰਦਾਜ਼ ਭੱਜਣ ਦਾ ਰਾਹ ਲੱਭਣ ਲੱਗੇ। ਗੁਰੂ ਜੀ ਇਹ ਕੁਝ ਤੱਕ ਕੇ ਗੜ੍ਹੀ ਤੋਂ ਸਾਹਿਬਜ਼ਾਦੇ ਨੂੰ ਸ਼ਾਬਾਸ਼ ਦੇ ਰਹੇ ਹਨ :
ਸ਼ਾਬਾਸ਼ ਪਿਸਰ! ਖ਼ੂਬ ਦਲੇਰੀ ਸੇ ਲੜੇ ਹੋ।
ਹਾਂ, ਕਿਉਂ ਨਾ ਹੋ, ਗੋਬਿੰਦ ਕੇ ਫ਼ਰਜ਼ੰਦ ਬੜੇ ਹੋ। 94। (ਗੰਜਿ ਸ਼ਹੀਦਾਂ)
ਸਾਹਿਬਜ਼ਾਦਾ ਅਜੀਤ ਸਿੰਘ ਨੂੰ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰਦੇ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਲਾੜੀ ਮੌਤ ਨੂੰ ਪਰਨਾਉਣ ਲਈ ਵਿਆਕੁਲ ਹੋ ਉਠੇ ਅਤੇ ਪਿਤਾ-ਗੁਰੂ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ :
ਬੇਟੇ ਕੋ ਸ਼ਹਾਦਤ ਮਿਲੀ, ਦੇਖਾ ਜੋ ਪਦਰ ਨੇ।
ਤੂਫ਼ਾਂ ਬਪਾ ਗ਼ਮ ਸੇ ਕੀਆ ਦੀਦਾ-ਇ-ਤਰ ਨੇ;
ਇਸ ਵਕਤ ਕਹਾ ਨੰਨ੍ਹੇਂ ਸੇ ਮਾਸੂਮ ਪਿਸਰ ਨੇ।
'ਰੁਖ਼ਸਤ ਹਮੇਂ ਦਿਲਵਾਓ ਪਿਤਾ, ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ'।96।
(ਗੰਜਿ ਸ਼ਹੀਦਾਂ)
ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕਿਹਾ ਕਿ ਬੇਸ਼ੱਕ ਮੈਨੂੰ ਵੱਡੇ ਵੀਰ ਜਿੰਨਾ ਜੰਗ-ਯੁੱਧ ਕਰਨ ਦਾ ਗਿਆਨ ਨਹੀਂ ਹੈ, ਪਰ ਮਰਨਾ ਤਾਂ ਮੈਨੂੰ ਵੀ ਆਉਂਦਾ ਹੀ ਹੈ, ਸੋ ਇਨਕਾਰ ਨਾ ਕਰੋ :
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ!
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ
ਧਰਨਾ ਤੋ ਹੈ ਆਤਾ।100। (ਗੰਜਿ ਸ਼ਹੀਦਾਂ)
ਸਤਿਗੁਰਾਂ ਨੇ ਛੋਟੇ ਬੇਟੇ ਨੂੰ ਵੀ ਆਪਣੇ ਹੱਥੀਂ ਤਿਆਰ ਕਰਕੇ ਜੰਗ ਵਿਚ ਜੂਝਣ ਲਈ ਤੋਰਦਿਆਂ ਕਿਹਾ-
ਹਮ ਦੇਤੇ ਹੈਂ ਖੰਜਰ,
ਉਸੇ ਸ਼ਮਸ਼ੀਰ ਸਮਝਨਾ।
ਨੇਜ਼ੇ ਕੀ ਜਗਾ ਦਾਦਾ ਕਾ
ਤੁਮ ਤੀਰ ਸਮਝਨਾ।
ਜਿਤਨੇ ਮਰੇਂ ਇਸ ਸੇ,
ਉਨ੍ਹੇਂ ਬੇ-ਪੀਰ ਸਮਝਨਾ।
ਜ਼ਖ਼ਮ ਆਏ ਤੋ ਹੋਨਾ ਨਹੀਂ
ਦਿਲਗੀਰ, ਸਮਝਨਾਂ।
ਜਬ ਤੀਰ ਕਲੇਜੇ ਮੇਂ ਲਗੇ,
'ਉਸੀ' ਨਹੀਂ ਕਰਨਾ।
'ਉਉਫ਼' ਮੂੰਹ ਸੇ ਮੇਰੀ ਜਾਨ,
ਕਬੀ ਭੀ ਨਹੀਂ ਕਰਨਾ।105।
(ਗੰਜਿ ਸ਼ਹੀਦਾਂ)
ਚਮਕੌਰ ਦੇ ਜੰਗ ਦਾ ਹਾਲ-ਹਵਾਲ ਦਸਮੇਸ਼ ਪਿਤਾ ਜੀ ਨੇ ਔਰੰਗਜ਼ੇਬ ਨੂੰ ਲਿਖੇ ਪੱਤਰਾਂ 'ਫ਼ਤਹਿਨਾਮਾ' ਤੇ 'ਜ਼ਫ਼ਰਨਾਮਾ' ਵਿਚ ਵੀ ਵਿਸਥਾਰ ਨਾਲ ਕੀਤਾ ਹੈ ਕਿ ਕਿਵੇਂ ਝੂਠੀਆਂ ਕਸਮਾਂ ਨੂੰ ਤੋੜ ਕੇ ਤੇਰੀ ਫੌਜ ਨੇ ਤਲਵਾਰਾਂ, ਤੀਰਾਂ ਅਤੇ ਬੰਦੂਕਾਂ ਨਾਲ ਸਾਡੇ 'ਤੇ ਹਮਲਾ ਕਰ ਦਿੱਤਾ। ਇਕ ਪਾਸੇ ਤੇਰੀ ਬੇਸ਼ੁਮਾਰ ਫੌਜ ਸੀ ਅਤੇ ਦੂਜੇ ਪਾਸੇ ਭੁੱਖਣ-ਭਾਣੇ ਅਤੇ ਥੱਕੇ-ਟੁੱਟੇ 40 ਸਿੰਘ ਪਰ ਮੇਰੇ ਇਨ੍ਹਾਂ ਸਿੰਘ-ਸੂਰਮਿਆਂ ਨੇ ਆਪਣੀ ਕਲਾ ਦੇ ਅਜਿਹੇ ਜੌਹਰ ਵਿਖਾਏ ਕਿ ਥੋੜ੍ਹੇ ਜਿਹੇ ਸਮੇਂ ਵਿਚ ਹੀ ਤੇਰੇ ਅਨੇਕਾਂ ਸਿਪਾਹੀ ਮੌਤ ਦੇ ਘਾਟ ਉਤਾਰ ਦਿੱਤੇ। ਖ਼ੂਨ ਨਾਲ ਧਰਤੀ ਲਾਲੋ-ਲਾਲ ਹੋ ਗਈ :
ਹਮ ਆਖ਼ਿਰ ਚਿਹ ਮਰਦੀ ਕੁੱਨਦ ਕਾਰਜ਼ਾਰ।
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ। (41)
ਫੌਜੀ ਜਰਨੈਲ ਖ੍ਵਾਜਾ ਮਰਦੂਦ, ਜਿਸ ਨੇ ਗੁਰੂ ਜੀ ਨੂੰ ਜਿਊਂਦੇ ਫੜ ਕੇ ਲਿਆਉਣ ਦੀ ਕਸਮ ਖਾਧੀ ਹੋਈ ਸੀ, ਦਾ ਜ਼ਿਕਰ ਕਰਦੇ ਹੋਏ ਗੁਰੂ ਜੀ ਲਿਖਦੇ ਹਨ ਕਿ ਤੇਰਾ ਇਹ 'ਸੂਰਮਾ' ਗੜ੍ਹੀ ਦੀ ਕੰਧ ਦੇ ਓਹਲੇ ਹੀ ਲੁਕਿਆ ਰਿਹਾ। ਮੈਨੂੰ ਅਫ਼ਸੋਸ ਹੈ ਕਿ ਮੈਂ ਉਸ ਦਾ ਮੂੰਹ ਨਾ ਵੇਖ ਸਕਿਆ, ਨਹੀਂ ਤਾਂ ਮੈਂ ਇਕ ਤੀਰ ਉਸ ਨੂੰ ਵੀ ਜ਼ਰੂਰ ਬਖਸ਼ ਦਿੰਦਾ:
ਕਿ ਆਂ ਖ੍ਵਾਜਹ ਮਰਦੂਦ ਸਾਯਹ-ਦੀਵਾਰ॥
ਨਿਯਾਮਦ ਬ ਮੈਦਾਂ ਬ ਮਰਦਾਨਹ ਵਾਰ॥34॥
ਦਰੇਗ਼ਾ! ਅਗਰ ਰੂਇ ਊ ਦੀਦ ਮੇ॥
ਬਾ-ਯੱਕ ਤੀਰ ਲਾਚਾਰ ਬਖ਼ਸ਼ੀਦਮੇ॥35॥
ਸਤਿਗੁਰੂ ਜੀ ਪਰਮੇਸ਼ਰ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਤੇਰੀ ਸ਼ਾਹੀ ਸੈਨਾ ਸਾਡਾ ਵਾਲ ਵੀ ਵਿੰਗਾ ਨਾ ਕਰ ਸਕੀ। ਕੀ ਹੋਇਆ ਜੇਕਰ ਤੂੰ ਮੇਰੇ ਚਾਰ ਬੇਟੇ ਸ਼ਹੀਦ ਕਰ ਦਿੱਤੇ ਹਨ, ਮੇਰਾ ਖ਼ਾਲਸਾ ਕੁੰਡਲੀਆ ਸੱਪ ਵਾਂਗ ਤੇਰੇ ਨਾਲ ਸਿੱਝੇਗਾ ਅਤੇ ਇਕ ਚੰਗਿਆੜੀ ਨੂੰ ਬੁਝਾ ਕੇ ਤੂੰ ਕੀ ਬਹਾਦਰੀ ਕੀਤੀ ਹੈ, ਜਦੋਂ ਕਿ ਤੂੰ ਪ੍ਰਚੰਡ ਅੱਗ ਦੇ ਭਾਂਬੜ ਬਾਲ ਬੈਠਾ ਹੈਂ?
ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥
ਕਿ ਆਤਿਸ਼ ਦਮਾਂ ਰਾ ਫਰੋਜ਼ਾਂ ਕੁਨੀ॥79॥
ਚਮਕੌਰ (ਜਿਸ ਦੀ ਚਮਕ ਦੁਨੀਆ ਭਰ ਵਿਚ ਨਿਰਾਲੀ ਹੈ) ਵਿਖੇ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ, ਇਸ ਦਾ ਵਿਲੱਖਣ ਹੀ ਸਥਾਨ ਹੈ। ਇਹੋ ਕਾਰਨ ਹੈ ਕਿ ਅੱਜ ਇਹ ਧਰਤੀ ਪੂਜਣਯੋਗ ਹੈ, ਦੁਨੀਆ ਭਰ ਤੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿਚ ਇਥੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਹੁੰਦੀਆਂ ਹਨ ਅਤੇ ਪਵਿੱਤਰ ਚਰਨ ਧੂੜੀ ਮੱਥੇ ਨੂੰ ਲਾ ਕੇ ਧੰਨ-ਧੰਨ ਹੁੰਦੀਆਂ ਹਨ। ਕਿਸੇ ਸ਼ਾਇਰ ਨੇ ਸੱਚ ਕਿਹਾ ਹੈ :
ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਕਾਅਬਾ,
ਯਹਾਂ ਕੀ ਖ਼ਾਕ ਪੇ ਤੋ ਖ਼ੁਦਾ ਭੀ ਕੁਰਬਾਨ ਹੋਤਾ ਹੈ।
ਸਿੱਖ ਇਤਿਹਾਸ 'ਚ 'ਸਾਕਾ ਚਮਕੌਰ' ਸੂਰਬੀਰਤਾ ਦੀ ਅਨੂਠੀ ਦਾਸਤਾਨ ਹੈ ਜੋ ਕੌਮੀ ਅਣਖ 'ਤੇ ਪਹਿਰਾ ਦਿੰਦਿਆਂ ਆਪਣੇ ਸ਼ਾਨਾਮੱਤੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਆਓ! ਮਹਾਨ ਸ਼ਹੀਦਾਂ ਦੀ ਯਾਦ ਨੂੰ ਨਤਮਸਤਕ ਹੁੰਦਿਆਂ ਸ਼ਹੀਦਾਂ ਵਲੋਂ ਵਿਖਾਏ ਸੱਚ ਤੇ ਧਰਮ ਦੇ ਮਾਰਗ 'ਤੇ ਚੱਲਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦਾ ਪ੍ਰਣ ਕਰੀਏ।

ਜਥੇ: ਅਵਤਾਰ ਸਿੰਘ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ