ਵਿਸ਼ਵ ਵਿਚ ਸਿੱਖਾਂ ਦਾ ਬੋਲਬਾਲਾ ਕਿਵੇਂ ਹੋਵੇ?
ਕੈਨੇਡਾ ਦੇ ਜਨਮੇ ਹੋਣਹਾਰ ਜਪ੍ਰੀਤ ਸਿੰਘ ਲੇਹਲ ਨੂੰ ਛੋਟੀ ਉਮਰ 'ਚ ਹੀ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਵੱਲੋਂ ਵਜ਼ੀਫ਼ਾ ਦੇ ਕੇ ਸਨਮਾਨਿਆ ਗਿਆ ਹੈ। ਉਸ ਨੂੰ ਸਵਾਲ ਪੁੱਛਿਆ ਗਿਆ ਕਿ ਦੇਸ਼-ਵਿਦੇਸ਼ ਅੰਦਰ ਸਿੱਖਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ ਜਾਵੇ? ਤਾਂ ਅੱਲ੍ਹੜ ਜਿਹੇ ਮੁੰਡੇ ਨੇ ਬੜੀ ਸੂਝਬੂਝ ਦਾ ਸਬੂਤ ਦਿੰਦਿਆਂ ਕਿਹਾ, 'ਇਸ ਵੇਲੇ ਦੁਨੀਆ 'ਚ ਯਹੂਦੀ ਕੌਮ ਹਰ ਪੱਧਰ 'ਤੇ ਤਰੱਕੀ ਕਰ ਰਹੀ ਹੈ। ਇਕ ਯਹੂਦੀ ਮੁੰਡੇ ਤੋਂ ਮੈਂ ਇਕ ਵਾਰ ਪੁੱਛਿਆ ਕਿ ਕੀ ਉਨ੍ਹਾਂ ਨੂੰ ਵੀ ਮੁਸ਼ਕਿਲਾਂ ਪੇਸ਼ ਆਈਆਂ ਸਨ ਅਤੇ ਜੇ ਆਈਆਂ ਸਨ ਤਾਂ ਉਨ੍ਹਾਂ ਨੂੰ ਦੂਰ ਕਿਵੇਂ ਕੀਤਾ ਗਿਆ? ਤਾਂ ਉਸ ਨੇ ਆਪਣੇ ਸਿਆਣੇ ਆਗੂਆਂ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਤੁਸੀਂ ਘੱਟ-ਗਿਣਤੀ 'ਚ ਹੋਵੋ ਤਾਂ ਵਿੱਦਿਆ ਨਾਲ ਆਪਣਾ ਕਿਰਦਾਰ ਏਨਾ ਉੱਚਾ ਕਰ ਲਓ ਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣ। ਯਹੂਦੀਆਂ ਦੇ ਬੱਚਿਆਂ ਨਾਲ ਨਸਲੀ ਵਿਤਕਰਿਆਂ ਤੋਂ ਲੈ ਕੇ ਕੌਮੀ ਘੱਲੂਘਾਰਿਆਂ ਤੱਕ ਦਾ ਸਫ਼ਰ ਚੱਲਿਆ ਪਰ ਯਹੂਦੀਆਂ ਨੇ ਵਿੱਦਿਆ 'ਚ ਏਨੀ ਮੁਹਾਰਤ ਹਾਸਲ ਕੀਤੀ ਕਿ ਅੱਜ ਸੰਸਾਰ 'ਚ ਵਪਾਰ, ਕਾਰੋਬਾਰ, ਰਾਜਨੀਤੀ, ਸਿੱਖਿਆ ਤੇ ਮੀਡੀਆ 'ਚ ਸਭ ਤੋਂ ਉੱਚੀਆਂ ਥਾਵਾਂ 'ਤੇ ਉਹ ਬੈਠੇ ਹਨ ਤੇ ਉਨ੍ਹਾਂ ਨਾਲ ਧੱਕਾ ਕਰਨ ਵਾਲਿਆਂ ਦੀਆਂ ਪੀੜ੍ਹੀਆਂ ਨੌਕਰੀਆਂ, ਚੰਦਿਆਂ ਅਤੇ ਵਿੱਦਿਆ ਲਈ ਯਹੂਦੀਆਂ ਤੋਂ ਹੀ ਮੰਗਣ ਲਈ ਬੇਵੱਸ ਹਨ। ਜੇਕਰ ਸਿੱਖਾਂ ਨੇ ਸੱਚਮੁੱਚ ਤਰੱਕੀ ਕਰਨੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਬੱਚਾ ਉੱਚ-ਵਿੱਦਿਆ, ਹੁਨਰ ਤੇ ਸੇਵਾ ਕਰਨ ਦੀ ਸੋਚ ਤੋਂ ਸੱਖਣਾ ਨਾ ਹੋਵੇ, ਤਦ ਉਹ ਘੱਟ-ਗਿਣਤੀ 'ਚ ਹੁੰਦੇ ਹੋਏ ਵੀ ਹਰ ਮੈਦਾਨ ਫ਼ਤਹਿ ਕਰ ਸਕਦੇ ਹਨ।' ਧਰਤੀ ਚਾਹੇ ਕੈਨੇਡਾ ਦੀ ਹੈ ਤੇ ਚਾਹੇ ਭਾਰਤ ਦੀ, ਸਵਾ ਕੁ ਦੋ ਫੀਸਦੀ ਆਬਾਦੀ ਵਾਲੀ ਸਿੱਖ ਕੌਮ ਜੇਕਰ ਸੰਸਾਰ 'ਚ ਆਪਣੀ ਨਿਵੇਕਲੀ ਥਾਂ ਬਣਾਉਣਾ ਚਾਹੁੰਦੀ ਹੈ ਤਾਂ ਸਭ ਤੋਂ ਵੱਡਾ ਤੇ ਵਧੀਆ ਸਾਧਨ ਵਿੱਦਿਆ ਹੀ ਹੈ। ਇਸ ਦੇ ਨਾਲ ਹੀ ਚਰਿੱਤਰ ਨਿਰਮਾਣ ਹੋਵੇਗਾ ਤੇ ਕੌਮੀ ਸਫ਼ਲਤਾ ਹਾਸਲ ਹੋਵੇਗੀ।

ਇਸ ਗੱਲ 'ਤੇ ਸਦਾ ਹੀ ਇਤਰਾਜ਼ ਹੁੰਦਾ ਹੈ ਕਿ ਸਿੱਖਾਂ ਕੋਲ ਰਾਜਸੀ ਅਤੇ ਧਾਰਮਿਕ ਲੀਡਰਸ਼ਿਪ ਦੀ ਸੁਚੱਜੀ ਅਗਵਾਈ ਨਾ ਹੋਣ ਕਰਕੇ ਭਾਰੀ ਨੁਕਸਾਨ ਹੋ ਰਿਹਾ ਹੈ। ਸਵਾਲ ਇਹ ਉਠਦਾ ਹੈ ਕਿ ਅਜਿਹੇ ਆਗੂ ਵੀ ਕਿਤੋਂ ਬਾਹਰੋਂ ਨਹੀਂ ਆਉਂਦੇ, ਬਲਕਿ ਕਿਸੇ ਵੇਲੇ ਕੌਮੀ ਪਨੀਰੀ ਵਜੋਂ ਹੀ ਵਧ-ਫੁਲ ਕੇ ਅੱਗੇ ਆਉਂਦੇ ਹਨ। ਜੇਕਰ ਉਨ੍ਹਾਂ 'ਚ ਸੱਚੇ-ਸੁੱਚੇ ਚਰਿੱਤਰ ਦੀ ਕੋਈ ਘਾਟ ਹੈ ਤਾਂ ਇਸ ਦਾ ਅਰਥ ਹੈ ਕਿ ਪਰਵਰਿਸ਼ 'ਚ ਕਿਧਰੇ ਕਮੀ ਜ਼ਰੂਰ ਰਹੀ ਹੋਵੇਗੀ। ਦੂਜੇ ਪਾਸੇ ਜੇਕਰ ਮਹਾਨ ਸ਼ਖ਼ਸੀਅਤ ਵਾਲੇ ਵਿਅਕਤੀ ਆਪਣੀ ਲਿਆਕਤ ਕਰਕੇ ਅੱਗੇ ਆਏ ਹਨ ਤਾਂ ਇਸ ਦਾ ਸਿਹਰਾ ਉਨ੍ਹਾਂ ਦੇ ਚਰਿੱਤਰ ਨਿਰਮਾਣ ਸਮੇਂ ਸਹੀ ਭੂਮਿਕਾ ਨਿਭਾਉਣ ਵਾਲੇ ਮਾਪਿਆਂ ਸਿਰ ਬੱਝੇਗਾ। ਸਿਆਣਿਆਂ ਦਾ ਕਥਨ ਹੈ ਕਿ ਜੇਕਰ ਵਿਅਕਤੀ ਮਹਾਨ ਬਣਦਾ ਹੈ ਤਾਂ ਇਸ ਲਈ ਵਧਾਈ ਦੇ ਸਹੀ ਹੱਕਦਾਰ ਉਸ ਨੂੰ ਯੋਗ ਜੀਵਨ ਜਾਚ ਦੇਣ ਵਾਲੇ ਹੁੰਦੇ ਹਨ ਤੇ ਉਹ ਖੁਦ ਸਨਮਾਨਯੋਗ ਉਦੋਂ ਹੀ ਅਖਵਾ ਸਕਦਾ ਹੈ ਜੇਕਰ ਆਪਣੀ ਅਗਲੀ ਪੀੜ੍ਹੀ ਨੂੰ ਲਾਇਕ ਬਣਾ ਸਕੇ। ਵਿੱਦਿਆ ਦੀ ਅਮੀਰੀ ਹੀ ਕਿਸੇ ਕੌਮ ਦਾ ਅਸਲੀ ਸਰਮਾਇਆ ਕਹੀ ਜਾ ਸਕਦੀ ਹੈ ਤੇ ਨਿਰੀ ਪੈਸੇ ਰੂਪੀ ਦੌਲਤ ਨੂੰ ਕੌਮੀ ਤਰੱਕੀ ਕਰਾਰ ਦੇਣਾ ਗ਼ਲਤ ਹੈ। ਇਸ ਦਾ ਨਮੂਨਾ ਵੀ ਦੇਸ਼-ਵਿਦੇਸ਼ ਅੰਦਰ ਦੇਖਣ ਨੂੰ ਮਿਲਦਾ ਹੈ। ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸੈਨੇਟਰ ਡਾ: ਬਿੱਕਰ ਸਿੰਘ ਲਾਲੀ ਨੇ ਬੀਤੇ ਵਰ੍ਹੇ ਡਿਗਰੀ ਵੰਡ ਸਮਾਗਮ ਬਾਰੇ ਦੱਸਿਆ ਕਿ ਲਗਭਗ ਛੇ ਹਜ਼ਾਰ ਡਿਗਰੀ ਲੈ ਰਹੇ ਵਿਦਿਆਰਥੀਆਂ 'ਚੋਂ ਚੀਨੇ ਮੁੰਡੇ-ਕੁੜੀਆਂ ਦੀ ਗਿਣਤੀ ਸਾਢੇ ਤਿੰਨ ਹਜ਼ਾਰ ਤੋਂ ਵੱਧ ਸੀ, ਜਦਕਿ ਸਿੱਖ ਲੜਕੇ-ਲੜਕੀਆਂ ਦੋ ਸੌ ਦਾ ਅੰਕੜਾ ਵੀ ਪਾਰ ਨਾ ਕਰ ਸਕੇ, ਹਾਲਾਂਕਿ ਧਨ ਅਤੇ ਰਾਜਨੀਤੀ ਵਿਚ ਉਹ ਕਿਸੇ ਨਾਲੋਂ ਘੱਟ ਨਹੀਂ ਪਰ ਪੜ੍ਹਾਈ ਵਿਚ ਅਜਿਹੀ ਕਮੀ ਚਿੰਤਾ ਦਾ ਵਿਸ਼ਾ ਹੈ। ਉਧਰ ਦੇਸ਼ ਅੰਦਰ, ਪੰਜਾਬ ਦੇ ਪਿੰਡਾਂ 'ਚੋਂ ਜਿੰਨੇ ਕੁ ਮੁੰਡੇ ਯੂਨੀਵਰਸਿਟੀਆਂ ਦੇ ਬੂਹਿਆਂ ਤੱਕ ਪੁੱਜੇ ਹਨ, ਉਨ੍ਹਾਂ ਦੀ ਗਿਣਤੀ ਆਟੇ 'ਚ ਲੂਣ ਦੇ ਬਰਾਬਰ ਹੈ।

ਦੂਜੇ ਪਾਸੇ ਐਸ਼ਪ੍ਰਸਤੀ, ਨਸ਼ਿਆਂ ਦੀ ਵਰਤੋਂ ਤੇ ਫਜ਼ੂਲ-ਖਰਚੀ ਕਾਰਨ ਅਜਿਹੀ ਪੀੜ੍ਹੀ ਆਪਣੇ ਘਰ-ਬਾਰ ਉਜਾੜ ਕੇ ਮਗਰੋਂ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੀ ਹੈ। ਸਾਡੀ ਨੌਜਵਾਨੀ ਨੂੰ ਘਸਿਆਰੇ ਬਣਾਉਣ ਲਈ ਜਿਥੇ ਦੋਸ਼ਪੂਰਨ ਲੀਡਰਸ਼ਿਪ ਜ਼ਿੰਮੇਵਾਰ ਹੈ, ਉਥੇ ਸਹੀ ਪਾਲਣ-ਪੋਸ਼ਣ ਦੀ ਘਾਟ ਵੀ ਅੱਖੋਂ-ਪਰੋਖੇ ਨਹੀਂ ਕੀਤੀ ਜਾ ਸਕਦੀ। ਪੰਜਾਬ ਵਿਚ ਓਨੇ ਕੁੱਲ ਸਕੂਲ ਨਹੀਂ, ਜਿੰਨੇ ਸ਼ਰਾਬ ਦੇ ਠੇਕੇ ਹੋਣਗੇ ਤੇ ਇਹ ਵੱਧ ਤਾਂ ਹੀ ਹਨ, ਜੇਕਰ ਪਿਆਕੜ ਵੱਧ ਹਨ। ਕਾਲਜ-ਯੂਨੀਵਰਸਿਟੀਆਂ 'ਚ ਜਾਣ ਲਈ ਜੇਕਰ ਯੋਗ ਵਿਦਿਆਰਥੀ ਹੀ ਨਹੀਂ ਤਾਂ ਇਮਾਰਤਾਂ ਦਾ ਕੀ ਅਰਥ? ਸਕੂਲਾਂ 'ਚ ਪੜ੍ਹਾਉਣ ਲਈ ਜੇਕਰ ਅਧਿਆਪਕ ਹੀ ਨਹੀਂ ਤਾਂ ਬਿਲਡਿੰਗਾਂ ਕਾਹਦੇ ਲਈ? ਗੁਰਦੁਆਰਿਆਂ 'ਚ ਜੇਕਰ ਗੁਰੂ ਆਸ਼ੇ ਮੁਤਾਬਿਕ ਸਿੱਖਿਆ ਦੇਣ ਵਾਲੇ ਪ੍ਰਚਾਰਕ ਹੀ ਨਹੀਂ ਤਾਂ ਅਜਿਹੇ ਧਰਮ ਦੁਆਰਿਆਂ ਦਾ ਕੀ ਫਾਇਦਾ? ਘਰ 'ਚ ਜਨਮੀ ਔਲਾਦ ਹੀ ਜੇਕਰ ਗਿਆਨ ਤੋਂ ਵਾਂਝੀ ਹੋਵੇ ਤਾਂ ਜ਼ਮੀਨਾਂ-ਜਾਇਦਾਦਾਂ, ਕਾਰਾਂ-ਕੋਠੀਆਂ ਤੇ ਨੋਟਾਂ ਨਾਲ ਭਰੀਆਂ ਤਿਜੌਰੀਆਂ ਕਿਸ ਲੇਖੇ? ਥਾਂ-ਥਾਂ ਸ਼ਰਾਬ ਦੇ ਠੇਕੇ ਖੋਲ੍ਹ ਕੇ ਜੇਕਰ ਸਾਰਾ ਪੰਜਾਬ ਪਿਆਕੜਾਂ ਦਾ ਹੀ ਬਣਾਉਣਾ ਹੈ ਤਾਂ ਅਜਿਹੀ ਆਮਦਨ ਤੋਂ ਇਕੱਠੇ ਕੀਤੇ ਅਰਬਾਂ ਰੁਪਏ ਕਿਸ ਕੰਮ? ਅਜਿਹੀ ਹਾਲਤ 'ਚ ਸਕੂਲਾਂ ਦੀਆਂ ਕੰਧਾਂ 'ਤੇ ਲਿਖਿਆ ਕਥਨ ਕਿ 'ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇਕ ਕਿਤਾਬ' ਸਿਰਫ ਦਿਖਾਵਾ ਹੀ ਰਹਿ ਜਾਂਦਾ ਹੈ, ਜਦੋਂ ਪੈਰ-ਪੈਰ 'ਤੇ ਧੜਾਧੜ ਨਸ਼ਿਆਂ ਦੀ ਵਿਕਰੀ ਹੋ ਰਹੀ ਹੋਵੇ। ਦੁਨੀਆ 'ਚ ਤਰੱਕੀ ਕਰਨ ਲਈ ਸਾਨੂੰ ਦੋਵਾਂ 'ਚੋਂ ਇਕ ਰਾਹ ਚੁਣਨਾ ਹੋਵੇਗਾ। ਕਿਸੇ ਇਕ ਪਰਿਵਾਰ ਦਾ ਇਕ ਬੱਚਾ ਵੀ ਜੇਕਰ ਵਿੱਦਿਆ ਤੋਂ ਵਾਂਝਾ ਰਹਿ ਜਾਂਦਾ ਹੈ ਤੇ ਕੁਰਾਹੇ ਪੈ ਜਾਂਦਾ ਹੈ ਤਾਂ ਇਸ ਦਾ ਖਮਿਆਜ਼ਾ ਪੂਰੀ ਕੌਮ ਨੂੰ ਭੁਗਤਣਾ ਪੈਂਦਾ ਹੈ। ਹੁਣ ਆਪੋ-ਆਪਣੇ ਘਰਾਂ-ਪਰਿਵਾਰਾਂ ਵੱਲ ਨਿਗ੍ਹਾ ਜ਼ਰੂਰ ਮਾਰੀਏ ਕਿ ਅਸੀਂ ਇਕੱਲੇ-ਇਕੱਲੇ ਨੇ ਕੌਮੀ ਤਰੱਕੀ 'ਚ ਹਿੱਸਾ ਪਾਇਆ ਹੈ ਜਾਂ ਤਬਾਹੀ 'ਚ?

ਇਸ ਤੋਂ ਮਹਾਨ ਗੱਲ ਕੀ ਹੋਵੇਗੀ ਕਿ ਸਿੱਖਾਂ ਦੀ ਅਗਵਾਈ ਜੁਗੋ-ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਕਰਦੇ ਹਨ। ਸੰਸਾਰ ਦੀ ਰਹਿਨੁਮਾਈ ਲਈ ਅਜਿਹਾ ਕਿਹੜਾ ਸਰਬ-ਉੱਚ ਸਿਧਾਂਤ ਹੈ, ਜਿਹੜਾ ਇਸ ਵਿਚ ਨਹੀਂ ਲਿਖਿਆ ਹੋਇਆ, ਤਾਂ ਹੀ ਤਾਂ ਨੋਬਲ ਪੁਰਸਕਾਰ ਜੇਤੂ ਵਿਦਵਾਨ ਟਾਇਨਬੀ ਵਰਗੇ ਆਖਦੇ ਹਨ ਕਿ ਦੁਨੀਆ ਨੂੰ ਸੱਚੀ-ਸੁੱਚੀ ਅਗਵਾਈ ਦੇਣ ਦੀ ਸਮਰੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਮੌਜੂਦ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਗ਼ੈਰ-ਸਿੱਖ ਵਿਅਕਤੀ ਨੂੰ ਤਾਂ ਇਹ ਸਮਝ ਆ ਗਈ, ਅਸੀਂ ਕਦੋਂ ਸਮਝਾਂਗੇ? ਜਿਸ ਕੌਮ ਦਾ ਇਸ਼ਟ ਗ੍ਰੰਥ ਦੇ ਰੂਪ ਵਿਚ ਹੋਵੇ ਪਰ ਉਸ ਨੂੰ ਮੰਨਣ ਵਾਲੇ ਵਿੱਦਿਆ ਤੋਂ ਸੱਖਣੇ ਹੋਣ, ਇਸ ਤੋਂ ਬੁਰੀ ਗੱਲ ਕੀ ਹੋਵੇਗੀ? ਆਓ, ਇਮਾਨਦਾਰੀ ਨਾਲ ਜਵਾਬ ਦੇਈਏ ਕਿ ਸਾਡੇ 'ਚੋਂ ਕਿੰਨੇ ਕੁ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥਾਂ ਤੋਂ ਜਾਣੂ ਕਰਵਾਇਆ ਹੈ? ਇਹ ਵੀ ਛੱਡੀਏ, ਚਲੋ ਇਸ ਦਾ ਹੀ ਉੱਤਰ ਲੱਭੀਏ ਕਿ ਕੀ ਅਸੀਂ ਆਪ ਬਾਣੀ ਦੇ ਅਰਥਾਂ ਤੋਂ ਜਾਣੂ ਹਾਂ? ਜੇ ਅਜਿਹਾ ਵੀ ਨਹੀਂ, ਤਾਂ ਕੀ ਘੱਟੋ-ਘੱਟ ਅਸੀਂ 'ਇਕ ਵਾਰ' ਗੁਰਮੁਖੀ 'ਚ ਲਿਖੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ ਹੈ? ਜੇ ਇਹ ਵੀ ਨਹੀਂ ਕੀਤਾ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਕੀ ਹੱਕ ਹੈ? ਪਿਓ-ਦਾਦੇ ਦੇ ਖਜ਼ਾਨੇ ਨੂੰ ਖੋਲ੍ਹ ਕੇ ਦੇਖਣਾ ਤੱਕ ਨਾ, ਪਰ ਖੁਦ ਨੂੰ ਝੰਡਾ-ਬਰਦਾਰ ਸਮਝਣਾ ਹਾਸੋਹੀਣੀ ਗੱਲ ਹੈ। ਅਜਿਹੀ ਹਾਲਤ ਵਿਚ ਮਰਨ ਮਗਰੋਂ ਆਤਮਿਕ ਸ਼ਾਂਤੀ ਲਈ ਬਾਣੀ ਪਾਠ ਉਸ ਦੇ ਲਈ ਕੀ ਅਰਥ ਰੱਖਦਾ ਹੈ, ਜਿਸ ਨੇ ਜਿਉਂਦੇ ਜੀ ਇਹ ਨਾ ਆਪ ਕੀਤਾ ਅਤੇ ਨਾ ਹੀ ਕਿਸੇ ਤੋਂ ਸੁਣਿਆ ਤੇ ਸਮਝਿਆ ਹੋਵੇ। ਸਿੱਖਾਂ ਨੂੰ ਇਸ ਮਹਾਨ ਗ੍ਰੰਥ ਦੀ ਬਾਣੀ ਨੂੰ ਨਾ ਕੇਵਲ ਪੜ੍ਹਨਾ ਹੀ ਚਾਹੀਦਾ ਹੈ, ਸਗੋਂ ਇਸ ਨੂੰ ਸਮਝਣਾ ਤੇ ਵਿਚਾਰਨਾ ਵੀ ਚਾਹੀਦਾ ਹੈ। ਉਸ ਤੋਂ ਮਗਰੋਂ ਸਮੁੱਚੇ ਸੰਸਾਰ ਦਾ ਗਿਆਨ, ਜਿੰਨਾ ਵੀ ਇਕੱਠਾ ਕੀਤਾ ਜਾਵੇ, ਓਨਾ ਹੀ ਥੋੜ੍ਹਾ ਹੈ। ਜਿੱਦਣ ਹਰ ਸਿੱਖ ਦੇ ਘਰ ਅੰਦਰ ਵਿੱਦਿਆ ਦਾ ਦੀਵਾ ਜਗ ਪਿਆ, ਓਦਣ ਉਹ ਦੋ ਫੀਸਦੀ ਹੁੰਦੇ ਹੋਏ ਵੀ ਯਹੂਦੀਆਂ ਵਾਂਗ ਚਾਨਣ-ਮੁਨਾਰਾ ਬਣ ਸਕਣਗੇ।

ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ