ਚੰਡੀਗੜ, 27 ਨਵੰਬਰ (ਗੁਰਪ੍ਰੀਤ ਮਹਿਕ) : ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਖਾਲਸਾ ਪੰਚਾਇਤ, ਨਿਆਰੇ ਖਾਲਸਾ ਜਥੇਬੰਦੀ ਨੇ ਵਿਰਾਸਤ ਏ ਖਾਲਸਾ ਦੇ ਉਦਘਾਟਨ ਸਮੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰ ਏ ਕੌਮ ਪੰਥ ਰਤਨ ਦੇ ਅਵਾਰਡ ਨਾਲ ਸਨਮਾਨ ਕੀਤੇ ਜਾਣ ਦੇ ਐਲਾਨ ਬਾਰੇ ਕਿਹਾ ਹੈ ਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਇਸ ਐਲਾਨ ਤੇ ਅਮਲ ਨਾ ਕਰਨ ਲਈ ਕਹਿਣਗੀਆਂ, ਕਿਉਕਿ ਇਹ ਫੈਸਲਾ ਗੁਰੂ ਸਾਹਿਬਾਨ ਦੀ ਸੇਧ ਦੇ ਉਲਟ ਹੈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ, ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ ਪਲਾਸੌਰ, ਵਿਰਸਾ ਸਿੰਘ ਬਹਿਲਾ ਮੀਤ ਪ੍ਰਧਾਨ, ਡਾਕਟਰ ਕਾਬਲ ਸਿੰਘ, ਖਾਲਸਾ ਪੰਚਾਇਤ ਦੇ ਜੋਗਿੰਦਰ ਸਿੰਘ ਫੌਜੀ, ਨਿਆਰੇ ਖਾਲਸਾ ਦੇ ਪ੍ਰਧਾਨ ਹੀਰਾ ਸਿੰਘ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸੀਨੀਅਰ ਆਗੂ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸ੍ਰੀ ਬਾਦਲ ਨੇ 80 ਸਾਲਾਂ ਬਾਬਾ ਬੂਝਾ ਸਿੰਘ ਵਰਗਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ, ਨਿਰੰਕਾਰੀ ਕਾਂਡ ਸਮੇ ਨਿਰੰਕਾਰੀਆਂ ਦੇ ਹੱਕ ਵਿੱਚ ਭੁਗਤੇ, ਸਾਕਾ ਨੀਲਾ ਤਾਰਾ ਸਮੇ ਇੰਦਰਾ ਅਡਵਾਨੀ ਨਾਲ ਗੰਢ-ਤੁਪ ਕੀਤੀ ਅਤੇ ਫੌਜੀ ਹਮਲੇ ਦੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚੋ ਨਿਸ਼ਾਨ ਮਿਟਾਏ। ਸ੍ਰੀ ਰਮੇਸ਼ ਇੰਦਰ ਸਿੰਘ ਸਾਬਕਾ ਡੀ.ਸੀ ਅੰਮ੍ਰਿਤਸਰ ਜਿਹਨਾਂ ਨੇ ਫੌਜ ਦੇ ਦਾਖਲੇ ਦਾ ਸ੍ਰੀ ਦਰਬਾਰ ਸਾਹਿਬ ਅੰਦਰ ਰਾਹ ਪੱਧਰਾ ਕੀਤਾ, ਨੂੰ ਪਹਿਲਾਂ ਮੁੱਖ ਸਕੱਤਰ ਲਗਾਇਆ ਤੇ ਬਾਅਦ ਵਿੱਚ ਮੁੱਖ ਸੂਚਨਾ ਕਮਿਸ਼ਨਰ ਲਗਾਇਆ, 1997 ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਪੜਤਾਲ ਕਰਾਉਣ ਦੇ ਚੋਣ ਵਾਇਦੇ ਨੂੰ ਅਮਲੀ ਰੂਪ ਦੇਣ ਦੀ ਬਜਾਏ ਇਜਹਾਰ ਆਲਮ ਵਰਗਿਆਂ ਨੂੰ ਸਨਮਾਨਤ ਕਰਨਾ ਤੇ ਟਿਕਟਾਂ ਦੇਣ ਲਈ ਰਾਹ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇ ਦੇ ਕਾਤਲ ਸਵਰਨ ਸਿੰਘ ਘੋਟਣੇ ਵਰਗਿਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ। ਪਾਣੀਆਂ ਦੀ ਲੁੱਟ ਰੋਕਣ ਲਈ ਧਾਰਾ (5) ਰੱਦ ਨਾ ਕੀਤੀ, ਪੀਪਲਜ਼ ਕਮਿਸ਼ਨ ਤੇ ਪਾਬੰਦੀ ਲਗਾਈ, ਸਿੱਖ ਨੌਜਵਾਨਾਂ ਦੀ ਰਿਹਾਈ ਦੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਬਾਵਜੂਦ ਵਿਰੋਧਤਾ ਕੀਤੀ, ਸਿਰਸੇ ਵਾਲੇ ਸਾਧ ਦੇ ਡੇਰੇ ਤੇ ਜਾ ਕੇ ਦੋਵਾਂ ਪਿਉ-ਪੁੱਤਰਾਂ ਨੇ ਸਿੱਖਾਂ ਦੇ ਜਖ਼ਮਾਂ ਉਪਰ ਲੂਣ ਛਿੜਕਿਆ। ਖੁਦ ਕੱਖਪਤੀ ਤੋ ਅਰਬਾਪਤੀ ਬਣੇ ਜਦੋ ਕਿ ਕਿਸਾਨ ਖੁਦਕਸ਼ੀਆ ਦੇ ਰਾਹ ਪੈ ਗਿਆ, ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਕਰਾਰ ਦੇਣਾ ਅਤੇ ਸੁਮੇਧ ਸੈਣੀ ਨੂੰ ਇਮਾਨਦਾਰ ਅਫਸਰ ਦੱਸਣਾ ਆਦਿ ਕਾਲੇ ਕਾਰਨਾਮੇ ਅਜਿਹੇ ਹਨ ਜਿਹਨਾਂ ਕਾਰਨ ਸ੍ਰੀ ਬਾਦਲ ਨੂੰ ਫਕਰੇ ਕੌਮ ਦਾ ਖਿਤਾਬ ਦਿੱਤਾ ਜਾਣਾ ਗੁਰੂ ਸਾਹਿਬਾਨ ਦੀ ਸੇਧ ਦੇ ਉਲਟ ਹੈ। ਉਹਨਾਂ ਕਿਹਾ ਕਿ ਮਲਕ ਭਾਗੋਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਦਿੱਤੇ ਸਨਮਾਨ ਨੂੰ ਸਿਖ ਪੰਥ ਪ੍ਰਵਾਨ ਨਹੀ ਕਰੇਗਾ, ਪਹਿਲਾਂ ਵੀ ਜਦੋ ਜਨਰਲ ਡਾਇਰ ਵਰਗਿਆਂ ਨੂੰ ਗੁਰੂ ਸਾਹਿਬਾਨ ਦੀ ਸੇਧ ਦੇ ਉਲਟ ਸਿਰੋਪਾਓ ਦਿੱਤੇ ਗਏ ਤਾਂ ਸਿੱਖ ਪੰਥ ਨੇ ਪ੍ਰਵਾਨਗੀ ਨਹੀ ਸੀ ਦਿੱਤੀ।