ਭਾਈ ਹਵਾਰਾ ਨੇ ਸਿੱਖ ਨੌਜਵਾਨਾਂ ਨਾਲ ਦੂਰੋਂ ਹੀ ਆਪਣੀ ਫ਼ਤਹਿ ਦੀ ਸਾਂਝ ਨੂੰ ਕੀਤਾ ਪੂਰਾ
ਲੁਧਿਆਣਾ 29 ਨਵੰਬਰ (ਖਾਲਸਾ): ਖਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ੀਲ ਤੇ ਪਿੱਛਲੇ ਲੰਬੇ ਸਮੇਂ ਤੋਂ ਤਿਹਾੜ ਜੇਲ ਦਿੱਲੀ ਦੀਆਂ ਸਲਾਖਾਂ ਦੇ ਪਿੱਛੇ ਕੈਦ ਪ੍ਰਮੁੱਖ ਗਰਮ ਖਿਆਲੀ ਨੌਜਵਾਨ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਅਦਾਲਤ ਦੇ ਕਾਂਡ ਤੋਂ ਬਾਅਦ ਅੱਜ ਜ਼ੈਡ ਸੁਰੱਖਿਆ ਪ੍ਰਬੰਧਾਂ ਹੇਠ ਸੁਰੱਖਿਆ ਅਧਿਕਾਰੀਆਂ ਵੱਲੋਂ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਇਸ ਦੌਰਾਨ ਆਪਣੇ ਕੇਸ ਦੀ ਪੇਸ਼ੀ ਭੁਗਤਣ ਦੇ ਲਈ ਪੁੱਜੇ ਭਾਈ ਜਗਤਾਰ ਸਿੰਘ ਹਵਾਰਾ ਨੇ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਮਿਲਣ ਲਈ ਪੁੱਜੇ ਸਿੱਖ ਨੌਜਵਾਨਾਂ ਦੇ ਨਾਲ ਦੂਰੋਂ ਹੀ ਫਤਹਿ ਬੁਲਾ ਕੇ ਆਪਣੀ ਸਾਂਝ ਸਾਂਝੀ ਕਰ ਹੀ ਲਈ ਅਤੇ ਲੁਧਿਆਣਾ ਕੋਰਟ ਕੰਪਲੈਕਸ ਦਾ ਸਮੁੱਚਾ ਮਾਹੌਲ ਖਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਗੂੰਜ ਉਠਿਆ । ਜ਼ਿਕਰਯੋਗ ਹੈ ਕਿ ਆਪਣੇ ਉੁਪਰ ਚੱਲ ਰਹੇ ਵੱਖ-ਵੱਖ ਕੇਸਾਂ ਦੀ ਤਰੀਕ ਭੁਗਤਣ ਦੇ ਲਈ ਦਿੱਲੀ ਦੀ ਤਿਹਾੜ ਜੇਲ ਤੋਂ ਪੁੱਜੇ ਭਾਈ ਜਗਤਾਰ ਸਿੰਘ ਹਵਾਰਾ ਦੇ ਉਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੇ ਜਾਣ ਵਾਲੇ ਹਮਲੇ ਨੂੰ ਨਾਕਾਮ ਬਣਾਉਣ ਲਈ ਪੁਲਿਸ ਪ੍ਰਸਾਸ਼ਨ ਵੱਲੋਂ ਲੁਧਿਆਣਾ ਕੋਰਟ ਕੰਪਲੈਕਸ ਨੂੰ ਸਵੇਰ ਤੋਂ ਹੀ ਪੂਰੀ ਤਰਾਂ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ । ਪਰ ਇਸਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਆਪਣੀ ਫਤਹਿ ਦੀ ਸਾਂਝ ਸਾਂਝੀ ਕਰਨ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਭਾਈ ਹਵਾਰਾ ਦਾ ਵਿਰੋਧ ਕੀਤੇ ਜਾਣ ਵਾਲੀ ਘਟਨਾ ਨੂੰ ਨਾਕਾਮ ਕਰਨ ਦੀ ਸਵੇਰ ਤੋਂ ਹੀ ਪੂਰੀ ਤਰਾਂ ਆਪਣੋ-ਆਪਣੇ ਕਮਰ ਕੱਸੇ ਕੱਸ ਕੇ ਆਏ ਹੋਏ ਸਨ । ਜਿਸਦੇ ਮੱਦੇਨਜ਼ਰ ਪੁਲਿਸ ਅਧਿਕਾਰੀਆਂ ਨੇ ਅਦਾਲਤ ਕੰਪਲੈਕਸ ਵਿੱਚ ਬੈਰੀਕੈਡ ਲਗਾ ਕੇ ਸਮੁੱਚੀ ਸਥਿਤੀ ਤੇ ਆਪਣੀ ਬਾਜ ਅੱਖ ਰੱਖੀ ਹੋਈ ਸੀ ਤਾਂ ਕਿ ਚੰਡੀਗੜ੍ਹ ਅਦਾਲਤ ਵਾਲਾ ਕਾਂਡ ਦੁਬਾਰਾ ਨਾ ਵਾਪਰ ਸਕੇ। ਇਸ ਤੋਂ ਪਹਿਲਾਂ ਭਾਈ ਹਵਾਰਾ ਨੂੰ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ ਸੈਸ਼ਨ ਜੱਜ ਸ਼੍ਰੀ ਐਸ. ਪੀ. ਬੰਗੜ ਤੇ ਮਾਣਯੋਗ ਸੀ.ਜੀ.ਐਮ. ਸ੍ਰੀ ਬਲਵਿੰਦਰ ਸ਼ਰਮਾ ਦੀਆਂ ਅਦਾਲਤਾਂ ਵਿੱਚ ਉਨ੍ਹਾਂ ਉਪਰ ਆਰਮ ਐਕਟ ਅਧੀਨ ਚੱਲ ਰਹੇ ਦੋ ਵੱਖ-ਵੱਖ ਕੇਸਾਂ ਦੀ ਸੁਣਵਾਈ ਲਈ ਪੇਸ਼ ਕੀਤਾ ਗਿਆ । ਜਿੱਥੇ ਉਨ੍ਹਾਂ ਦੀ ਅਗਲੀ ਪੇਸ਼ੀ ਦੀ ਤਰੀਕ 16 ਜਨਵਰੀ ਤੇ ਪਾ ਦਿੱਤੀ ਗਈ।